ਟੀਕਾਕਰਨ ਪ੍ਰੋਗਰਾਮ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ਵ ਟੀਕਾਕਰਨ ਸਪਤਾਹ
100 ਫੀਸਦੀ ਤੋਂ ਵੱਧ ਟੀਚਾ ਕੀਤਾ ਹਾਸਿਲ : ਡਾ. ਜਸਪ੍ਰੀਤ ਕੌਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 1 ਮਈ, 2024: ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਟੀਕਾਕਰਨ ਪ੍ਰੋਗਰਾਮ ਦੀ 50ਵੀਂ ਵਰ੍ਹੇਗੰਢ ਦੇ ਮੱਦੇਨਜ਼ਰ 24 ਅਪ੍ਰੈਲ ਤੋਂ 30 ਅਪ੍ਰੈਲ, 2024 ਤੱਕ ਮਨਾਏ ਗਏ ਵਿਸ਼ਵ ਟੀਕਾਕਰਨ ਸਪਤਾਹ ਦੌਰਾਨ ਜ਼ਿਲ੍ਹੇ ਦੇ ਬੱਚਿਆਂ ਦੇ ਟੀਕਾਕਰਨ ਲਈ ਨਿਰਧਾਰਿਤ ਟੀਚੇ ਨੂੰ ਸਫ਼ਲਤਾਪੂਰਵਕ ਪ੍ਰਾਪਤ ਕਰ ਲਿਆ ਹੈ।
ਇਸ ਸਬੰਧੀ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਅਪ੍ਰੈਲ, 2024 ਤੋੰ ਸ਼ੁਰੂ ਹੋਈ ਇਸ ਟੀਕਾਕਰਨ ਮੁਹਿੰਮ ਲਈ ਜ਼ਿਲ੍ਹੇ ਵਿੱਚ 1531 ਬੱਚਿਆਂ ਦੇ ਟੀਕਾਕਰਨ ਦਾ ਟੀਚਾ ਮਿੱਥਿਆ ਗਿਆ ਸੀ, ਜਿਸ ਨੂੰ ਪ੍ਰਾਪਤ ਕਰਨ ਲਈ ਵਿਸ਼ੇਸ਼ ਟੀਕਾਕਰਨ ਸੈਸ਼ਨ ਪਲਾਨ ਕੀਤੇ ਗਏ। ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਦੀਆਂ ਸਮਰਪਿਤ ਟੀਕਾਕਰਨ ਟੀਮਾਂ ਨੇ ਅਰਬਨ ਏਰੀਏ ਸਮੇਤ ਜ਼ਿਲ੍ਹੇ ਦੇ ਹਾਈਰਿਸਕ ਖੇਤਰਾਂ ਵਿਚ ਆਊਟਰੀਚ ਕੈਂਪ ਅਤੇ ਮੋਬਾਈਲ ਟੀਮਾਂ ਰਾਹੀਂ ਵਿਸ਼ੇਸ਼ ਟੀਕਾਕਰਨ ਕੈਂਪ ਲਾ ਕੇ 1536 ਬੱਚਿਆਂ ਦਾ ਟੀਕਾਕਰਨ ਕਰਕੇ 100 ਫੀਸਦੀ ਟੀਚੇ ਨੂੰ ਪ੍ਰਾਪਤ ਕਰ ਲਿਆ ਹੈ।
ਜ਼ਿਲ੍ਹਾ ਸਿਹਤ ਮੁਖੀ ਨੇ ਦੱਸਿਆ ਕਿ ਵਿਸ਼ਵ ਟੀਕਾਕਰਨ ਸਪਤਾਹ ਮੁਹਿੰਮ ਦੇ ਹਿੱਸੇ ਵਜੋਂ ਸਿਹਤ ਵਿਭਾਗ ਉਨ੍ਹਾਂ ਮਸਲਿਆਂ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਜੋ ਟੀਕਾਕਰਨ ਕਵਰੇਜ ਵਿੱਚ ਅੜਿੱਕਾ ਬਣਦੇ ਹਨ ਅਤੇ ਉਨ੍ਹਾਂ ਆਬਾਦੀਆਂ ਨੂੰ ਵੀ ਕਵਰ ਕਰਦਾ ਹੈ, ਜੋ ਰੁਟੀਨ ਟੀਕਾਕਰਨ ਦੌਰਾਨ ਟੀਕਾ ਲਗਵਾਉਣ ਤੋਂ ਖੁੰਝ ਗਏ ਹਨ। ਮੁਹਿੰਮ ਦੌਰਾਨ ਅਜਿਹੇ ਲਾਭਪਾਤਰੀ, ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਹੈ ਜਾਂ ਸਿਰਫ ਅੰਸ਼ਿਕ ਤੌਰ ’ਤੇ ਹੋਇਆ ਹੈ, ਤੱਕ ਆਸਾਨ ਪਹੁੰਚ ਬਣਾ ਕੇ ਇਨ੍ਹਾਂ ਨੂੰ ਟੀਕਾਕਰਨ ਪ੍ਰੋਗਰਾਮ ਵਿੱਚ ਕਵਰ ਕੀਤਾ ਗਿਆ।
ਇਸ ਮੁਹਿੰਮ ਦਾ ਮੁੱਖ ਟੀਚਾ ਸਾਰੇ ਯੋਗ ਬੱਚਿਆਂ ਨੂੰ ਜੀਵਨ ਰੱਖਿਅਕ ਟੀਕਾਕਰਨ ਮੁਹੱਈਆ ਕਰਵਾਉਣਾ ਹੈ। ਇਸ ਤੋਂ ਇਲਾਵਾ, ਇਹ ਮੁਹਿੰਮ ਦੇਸ਼ ਵਿਆਪੀ ਖ਼ਸਰਾ (ਮੀਜ਼ਲਜ਼) ਅਤੇ ਰੁਬੈਲਾ ਦੇ ਖਾਤਮੇ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ 5 ਸਾਲ ਤੋਂ ਘੱਟ ਉਮਰ ਦਾ ਹਰ ਬੱਚਾ ਮੀਜ਼ਲਜ਼ ਅਤੇ ਰੁਬੇਲਾ ਵੈਕਸੀਨ (ਐਮਆਰਸੀਵੀ) ਦੇ ਅਤਿਜ਼ਰੂਰੀ ਦੋ-ਡੋਜ਼ ਸ਼ਡਿਊਲ ਨੂੰ ਜ਼ਰੂਰ ਪੂਰਾ ਕਰੇ।
ਇਸ ਸਬੰਧੀ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨਦੀਪ ਕਮਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬੱਚਿਆਂ ਦੇ ਟੀਕਾਕਰਨ ਵਿੱਚ ਪਏ ਪਾੜੇ ਨੂੰ ਭਰਨ ਦੀ ਕੋਸ਼ਿਸ਼ ਵਿਚ ਵਿਸ਼ਵ ਟੀਕਾਕਰਨ ਸਪਤਾਹ ਮੁਹਿੰਮ ਮਦਦਗਾਰ ਸਾਬਿਤ ਹੋਈ ਹੈ। ਇਸ ਮੁਹਿੰਮ ਦਾ ਮੁੱਖ ਮੰਤਵ ਬੱਚਿਆਂ ਦੇ ਸੰਪੂਰਨ ਟੀਕਾਕਰਨ ਨੂੰ ਯਕੀਨੀ ਬਣਾਉਣਾ ਹੈ ਤਾਂ ਜੋ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਕੇ ਬਾਲ ਮੌਤ ਦਰ ਨੂੰ ਘਟਾਇਆ ਜਾ ਸਕੇ।